Bhagwan Shri Parshuram Ji Chair

Research ਭਗਵਾਨ ਸ਼੍ਰੀ ਪਰਸ਼ੁਰਾਮ ਜੀ ਚੇਅਰ ਧਰਮ ਅਤੇ ਗਿਆਨ ਦੀ ਪ੍ਰਵਾਹਕ

ਭਾਰਤ ਇਕ ਵਿਲਖਣ ਹੋਂਦ ਦਾ ਧਾਰਨੀ ਹੈ, ਜਿਸ ਦਾ ਪ੍ਰਮੁੱਖ ਕਾਰਣ ਯੁਗ-ਯੁਗਾਂ ਤੋਂ ਇਸ ਦੀ ਨਿਰੰਤਰ ਪ੍ਰਵਾਹਿਤ ਹੋਣ ਵਾਲੀ ਸੰਸਕ੍ਰਿਤੀ ਅਤੇ ਭਾਰਤੀ ਗਿਆਨ ਪਰੰਪਰਾ ਹੈ। ਅਰੰਭ ਤੋਂ ਹੀ ਭਾਰਤੀ ਸੰਸਕ੍ਰਿਤੀ ਦਾ ਮਹਾਨਾਦ ਸਮਾਨਤਾ ਅਤੇ ਨੈਤਿਕਤਾ ਵਾਲਾ ਰਿਹਾ ਹੈ। ਸਮੇਂ ਸਮੇਂ ਅਨੇਕਾਂ ਰਿਸ਼ੀਆਂ-ਮੁਨੀਆਂ ਪੀਰ-ਪੈਗੰਬਰਾਂ ਅਤੇ ਮਹਾਪੁਰਸ਼ਾਂ ਨੇ ਅਵਤਾਰ ਧਾਰਨ ਕਰਕੇ ਭਾਰਤ ਦੀ ਧਰਤੀ ਨੂੰ ਪਵਿੱਤਰ ਕੀਤਾ। ਅਵਤਾਰ ਧਾਰਨ ਕਰਨ ਦਾ ਮੂਲ ਉਦੇਸ਼ ਧਰਮ ਦੀ ਸਥਾਪਨਾ ਅਤੇ ਅਧਰਮ ਦਾ ਨਾਸ਼ ਕਰਨਾ ਰਿਹਾ ਹੈ। ਗੀਤਾ ਵਿਚ ਕਿਹਾ ਗਿਆ ਹੈ- ਜਦੋਂ ਵੀ ਧਰਤੀ 'ਤੇ ਧਰਮ ਦੀ ਹਾਨੀ ਹੁੰਦੀ ਹੈ, ਭਾਵ ਪਾਪ ਅਤੇ ਅਤਿਆਚਾਰ ਵੱਧਦਾ ਹੈ ਉਸ ਸਮੇਂ ਅਲੌਕਿਕ ਸ਼ਕਤੀ ਕਿਸੇ ਨਾ ਕਿਸੇ ਰੂਪ ਵਿਚ ਜਨਮ ਲੈ ਕੇ ਧਰਤੀ 'ਤੇ ਆਉਂਦੀ ਹੈ। ਜੋ ਅਧਰਮ ਦਾ ਨਾਸ਼ ਅਤੇ ਧਰਮ ਦੀ ਸਥਾਪਨਾ ਕਰਕੇ ਸੱਚ ਅਤੇ ਗਿਆਨ ਦੇ ਪ੍ਰਕਾਸ਼ ਨਾਲ ਮਨੁੱਖਤਾ ਨੂੰ ਰੁਸ਼ਨਾਉਂਦੀ ਹੈ-

ਯਦਾ ਯਦਾ ਹਿ ਧਰਮਸਯ ਗ੍ਲਾਨਿਰ੍ ਭਵਤਿ ਭਾਰਤ।
ਅਭੑਯੁਤੑਥਾਨਾਮਧਰੑਮਸੑਯ ਤਦਾਤੑ ਮਾਨਮੑ ਸ੍ਰਿਜਾਮੑਯਹਮੑ॥
ਪਰਿਤ੍ਰਾਣਾਯ ਸਾਧੂਨਾਮੑ ਵਿਨਾਸ਼ਾਯ ਚ ਦੁਸ਼ੑਕ੍ਰਿਤਾਮੑ।
ਧਰੑਮ ਸੰਸੑਥਾਪਨਾਰੑਥਾਯ ਸੰਭਵਾਮਿ ਯੁਗੇ ਯੁਗੇ॥

ਇਹ ਸਦੀਵੀਂ ਸੱਚ ਹੈ ਕਿ ਵਿਸ਼ਵ ਨੂੰ ਇਕ ਸੂਤਰ ਵਿਚ ਬਣਨ ਲਈ ਰਿਸ਼ੀਆਂ-ਮੁਨੀਆਂ, ਮਹਾਪੁਰਸ਼ਾਂ, ਗੁਰੂਆਂ ਆਦਿ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਜਿਨ੍ਹਾਂ ਨੇ ਆਪਣੇ ਕਰਮਾਂ ਅਤੇ ਉਪਦੇਸ਼ਾਂ ਰਾਹੀਂ ਸਮਾਜ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਅਤੇ ਨੈਤਿਕਤਾ ਭਰਪੂਰ ਜੀਵਨ ਸ਼ੈਲੀ ਪ੍ਰਦਾਨ ਕੀਤੀ।


ਇਨ੍ਹਾਂ ਮਹਾਪੁਰਸ਼ਾਂ ਵਿਚੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਧਰਤੀ 'ਤੇ ਆਉਣਾ ਮਨੁੱਖੀ ਕਲਿਆਣ ਲਈ ਦੁਸ਼ਟਾਂ ਦਾ ਅੰਤ ਕਰਕੇ ਧਰਮ ਦੀ ਰੱਖਿਆ ਕਰਨਾ ਸੀ। ਅਕਸ਼ਤ ਤੀਜ ਨੂੰ ਭਗਵਾਨ ਪਰਸ਼ੁਰਾਮ ਦਾ ਇਸ ਧਰਤੀ 'ਤੇ ਆਉਣਾ ਹੋਇਆ। ਉਨ੍ਹਾਂ ਦੇ ਪੂਰਵਜ ਰਿਸ਼ੀ ਭ੍ਰਿਗੂ ਸਨ, ਇਸੇ ਕਰਕੇ ਪਰਸ਼ੁਰਾਮ ਜੀ ਨੂੰ ਭ੍ਰਿਗੂਨੰਦਨ, ਭ੍ਰਿਗੂਵੰਸ਼ੀ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਰਸ਼ੁਰਾਮ ਜੀ ਦੇ ਪਿਤਾ ਜਮਦਗਨੀ ਅਤੇ ਮਾਤਾ ਰੇਣੁਕਾ ਸਨ। ਇਨ੍ਹਾਂ ਦਾ ਬਚਪਨ ਦਾ ਨਾਮ ਰਾਮ ਸੀ। ਮਾਨਤਾ ਹੈ ਕਿ ਇਨ੍ਹਾਂ ਨੇ ਸ਼ਿਵ ਤੋਂ ਪਰਸੁ ਅਸਤਰ ਵਰਦਾਨ ਵਿਚ ਪ੍ਰਾਪਤ ਕੀਤਾ ਅਤੇ ਚਿਨ੍ਹ ਰੂਪ ਵਿਚ ਜਮਦਗਨੀ ਦੇ ਪੁੱਤਰ ਰਾਮ ਨਾਲ ਹਮੇਸ਼ਾ ਲਈ ਜੁੜ ਗਿਆ। ਆਪਣੇ ਪਰਸੁ ਨਾਲ ਸਦੈਵ ਪਰਸ਼ੁਰਾਮ ਨੇ ਉਨ੍ਹਾਂ ਦੁਸ਼ਟਾਂ ਦਾ ਅੰਤ ਕੀਤਾ ਜੋ ਉਸ ਸਮੇਂ ਧਰਮ ਦੀ ਹੋਂਦ ਅਤੇ ਮਨੁੱਖਤਾ ਦੇ ਵੈਰੀ ਬਣੇ ਹੋਏ ਸਨ। ਉਨ੍ਹਾਂ ਨੇ ਜਾਤ-ਪਾਤ ਦਾ ਵਿਤਕਰਾ ਨਾ ਕਰਦੇ ਹੋਏ ਹਰੇਕ ਪੀੜਿਤ ਵਿਅਕਤੀ ਦੀ ਸਹਾਇਤਾ ਕਰਦੇ ਹੋਏ ਸਮਾਜ, ਦੇਸ਼ ਆਦਿ ਨੂੰ ਸਮਰਸਤਾ ਦਾ ਸੰਦੇਸ਼ ਦਿੱਤਾ, ਜਿਹੜਾ ਹਰੇਕ ਕਾਲ, ਦੇਸ਼, ਪਰਿਸਥਿਤੀ ਵਿਚ ਪ੍ਰਸੰਗਿਕ ਹੈ। ਸਮਾਜਿਕ ਮਰਿਆਦਾ ਦੇ ਸੰਸਥਾਪਕ ਅਤੇ ਸੰਰਖਿਅਕ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਅਤੇ ਅਹਿੰਸਾ ਦੀ ਸਾਧਨਾ ਵਿਚ ਬਤੀਤ ਹੋਇਆ। ਉਨ੍ਹਾਂ ਦਾ ਹਰੇਕ ਕਰਮ ਨਿਸ਼ਕਾਮ ਭਾਵਨਾ ਨਾਲ ਭਰਪੂਰ ਸੀ। ਸਾਰੀ ਪ੍ਰਿਥਤੀ ਜਿੱਤਣ ਤੋਂ ਬਾਅਦ ਵੀ ਮਹਾਰਿਸ਼ੀ ਕਸ਼ਯਪ ਦੇ ਇਕ ਵਾਰ ਕਹਿਣ 'ਤੇ ਸਭ ਕੁਝ ਤਿਆਗ ਕੇ ਮਹੇਂਦਰ ਪਰਬਤ ਤੇ ਤਪ ਕਰਨ ਲਈ ਚਲੇ ਗਏ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਅੱਜ ਵੀ ਇਸੇ ਮਹੇਂਦਰ ਪਰਬਤ 'ਤੇ ਤਪ ਕਰ ਰਹੇ ਹਨ, ਉਹ ਅਮਰ ਹਨ, ਜਿਹੜਾ ਇਸ ਵਿਸ਼ਵਾਸ ਅਤੇ ਪ੍ਰਤੀਕ ਨੂੰ ਪ੍ਰਮਾਣਿਤ ਕਰਦਾ ਹੈ ਕਿ ਅਜੋਕੇ ਸਮੇਂ ਵਿਚ ਵੱਧ ਰਹੇ ਅਤਿਆਚਾਰ ਅਤੇ ਅਨਿਆ ਨੂੰ ਖਤਮ ਕਰਨ ਲਈ ਭਗਵਾਨ ਪਰਸ਼ੁਰਾਮ ਜੀ ਜ਼ਰੂਰ ਵਾਪਸ ਆਉਣਗੇ। ਸਮਾਜ ਦੇ ਵਿਸ਼ਵਾਸ ਨੂੰ ਸਿੱਧ ਕਰਦਾ ਇਹ ਸ਼ਲੋਕ -

ਅਸ਼ੑਵਤੑਥਾਮਾ ਵਲਿਰੑਵੑਯਾਸੋ ਹਨੁਮਾਨਸ਼ੑ ਚ ਵਿਭੀਸ਼ਣਾ:।
ਕ੍ਰਿਪ: ਪਰਸ਼ੁਰਾਮਸ਼ੑਚ ਸਪੑਤੈਤੇ ਚਿਰਜੀਵਿਨ:॥

ਅਜਿਹੀ ਦੈਵੀ ਗੁਣਾਂ ਨਾਲ ਭਰਪੂਰ ਅਮਰ ਸ਼ਖਸੀਅਤ ਦੇ ਵਿਚਾਰਾਂ, ਨਿਸ਼ਕਾਮ ਕਰਮਾਂ ਅਤੇ ਸੰਦੇਸ਼ ਨੂੰ ਜਨਮਾਨਸ ਭਾਵ ਵਿਸ਼ਵਪੱਧਰੀ ਤੱਕ ਪਹੁੰਚਾਉਣਾ ਹੀ ਇਸ ਚੇਅਰ ਦਾ ਮੁੱਖ ਉਦੇਸ਼ ਹੈ।

ਚੇਅਰ ਦੇ ਹੋਰ ਕੁਝ ਪ੍ਰਮੁੱਖ ਉਦੇਸ਼

  • ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ, ਕਾਨਫਰੰਸ਼ ਅਤੇ ਵਰਕਸ਼ਾਪ ਰਾਹੀਂ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੀਆਂ ਸਿਖਿਆਵਾਂ ਦਾ ਵਿਸ਼ਵ ਪੱਧਰੀ ਪ੍ਰਚਾਰ-ਪ੍ਰਸਾਰ।
  • ਹਰ ਸਾਲ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੀ ਜਯੰਤੀ ਮਨਾਉਣਾ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨਾਲ ਸੰਬੰਧਿਤ ਪੁਸਤਕਾਂ ਤਿਆਰ ਕਰਨਾ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨਾਲ ਸੰਬੰਧਿਤ ਪਤ੍ਰਿਕਾ ਪ੍ਰਕਾਸ਼ਨ ਅਰੰਭ ਕਰਨਾ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨਾਲ ਸੰਬੰਧਿਤ ਵੱਖ ਵੱਖ ਸਥਾਨਾਂ ਦਾ ਸਰਵੇਖਣ ਕਰਕੇ ਸਹੀ ਤੱਥਾਂ ਦੀ ਖੋਜ ਅਤੇ ਸੰਗ੍ਰਿਹ ਕਰਨਾ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨਾਲ ਸੰਬੰਧਿਤ ਮੈਮੋਰੀਅਲ ਲੈਕਚਰ ਅਤੇ ਵਿਆਖਿਆਣ ਕਰਵਾਉਣੇ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੇ ਸਮਾਨਤਾ, ਨਿਆਂ ਅਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਜਨਮਾਨਸ ਤੱਕ ਪਹੁੰਚਾਉਣਾ।
  • ਭਗਵਾਨ ਸ਼੍ਰੀ ਪਰਸ਼ੁਰਾਮ ਜੀ ਨਾਲ ਸੰਬੰਧਿਤ ਪੁਸਤਕਾਂ ਤਿਆਰ ਕਰਨਾ।

ਚੇਅਰ 'ਤੇ ਚਲ ਰਹੇ ਕੋਰਸ ਅਤੇ ਫੈਕਲਟੀ

ਡਾ. ਪਰਵਿੰਦਰ ਸ਼ਰਮਾ (ਸਹਾਇਕ ਪ੍ਰੋਫੈਸਰ)

ਦੋ ਰਿਸਰਚ ਫੈਲੋ

ਡਾ. ਜਸਪਾਲ ਕੌਰ

ਡਾ. ਦੀਪ ਸ਼ਿਖਾ

Updates